ਮੇਰੇ ਵਿਹਿੜੇ ਹੁਣ ਵੀ, ਧੁਪ ਝਾਤੀਆਂ ਏ ਮਾਰਦੀ
ਬੁਕਲਾਂ ਦੀ ਯਾਦ ਵੀ, ਏ ਠੰਡ ਨਹੀਓਂ ਉਤਾਰਦੀ
ਮਸਾਂ ਸਾਂਭ ਰੱਖੇ ਨੇ ਏ,ਰਾਜ਼ ਦਿਲ ਦੇ ਦਰੀਚੇ ਵਿਚ
ਝੱਲਿਆ ਨਾ ਜਾਵੇ ਝੱਲ,ਸੁਧ ਨਹੀ ਘਰ ਬਾਹਿਰਦੀ
ਜਦੋਂ ਵੀ ਇਹ ਵਰ੍ਹਦਾ, ਵਰ੍ਹ ਵਰ੍ਹ ਕੱਚੀ ਕੰਧ ਖੋਰਦਾ
ਤਿੱਖੜ੍ਹ ਦੁਪੈਹਿਰ ਕਦੀ,ਵੇਖੋ ਛਿਲਤਾਂ ਈ ਉਤਾਰਦੀ
ਮਹਿਕਿਆ ਚੁਫੇਰਾ ਏ, ਉਠ ਲੂੰ ਲੂੰ ਕਰਦਾ ਸਲਾਮ
ਪੈੜ ਸੁਣ ਗਈ ਏ ਸਾਨੂੰ, ਸੁਹਿਣੇ ਸੱਜਨ ਗੱਮਖਾਰ ਦੀ
ਕਿਨੀਆਂ ਬਹਾਰਾਂ ਗਈਆਂ,ਤੇ ਕਈ ਵਾਰ ਝੱੜੇ ਪਤੇ
ਕਾਲੀ-ਬੋਲੀ ਹਰ ਰਾਤ, ਲੰਘੇ ਆਸਾਂ ਨੂੰ ਮਤਾੜਦੀ
ਮਿਲਦਾ ਏ ਉਹੀ "ਥਿੰਦ",ਜੋ ਲਿਖਿਆ ਏ ਲੇਖਾਂ ਵਿਚ
ਲੇਖ ਵੀ ਨੇ ਬਦਲ ਜਾਦੇ,ਜੇ ਮੇਹਿਰ ਹੋਵੇ ਕਰਤਾਰ ਦੀ
ਇੰਜ:ਜੋਗਿੰਦਰ ਸਿੰਘ "ਥਿੰਦ"
(ਅੰਮ੍ਰਿਤਸਰ-- ਸਿਡਨੀ)