ਮਿਲਦੀ ਨਹੀਂ ਏ ਥਾਂ, ਆਹਾਂ ਛਿਪਾਨ ਨੂੰ ।
ਫਿਰ ਯਾਦ ਆ ਗਈ , ਦਿਲ ਤੜਪਾਨ ਨੂੰ ।
ਬੁਲਾਂ ਤੇ ਹੀ ਕਦੋਂ ਤੱਕ, ਰੋਕ ਰੋਕ ਰਖਾਂਗੇ,
ਹੌਕਿਆਂ ਦੇ ਬੇਮੁਹਾਰੇ , ਆਏ ਤੂਫਾਨ ਨੂੰ ।
ਝੌਲਾ ਜਿਹਾ ਪਿਆ ਏ, ਹੁਣੇ ਹੁਣੇ ਮੋੜ ਤੇ,
ਖੌਰੇ ਆ ਗਿਆ ਓਹੀ, ਪੀੜਾਂ ਵੰਡਾਣ ਨੂੰ ।
ਦਿਲੋਂ ਕਰੋ ਦੁਆ ਤਾਂ,ਫਿਰ ਹੁੰਦੀ ਕਬੂਲ ਏ,
ਉਠਾਏ ਨੇ ਹੱਥ ਅੱਜ, ਇਹ ਅੱਜ਼ਮਾਣ ਨੂੰ ।
ਮੁੱਕੀ ਨਹੀਂ ਏ ਦਾਸਤਾਂ, ਹੁੰਗਾਰਾ ਦੇਂਦੇ ਰਹੋ,
ਸੋਂ ਗਏ ਜੇ ਹੁਣ ਤੁਸੀਂ , ਰਹੋਗੇ ਪੱਛਤਾਨ ਨੂੰ।
ਲੌਟੀਆਂ ਨੇ ਰੌਂਣਕਾ, ਸਜਨਾਂ ਦੇ ਆਣ ਤੇ
ਕਾਹਲੇ ਕਿਓਂ ਪੈ ਗਏ, ਹੁਣੇ ਹੀ ਜਾਣ ਨੂੰ ।
ਆਟੇ 'ਚ ਗੁਨ੍ਹ ਪਸੀਨਾ, ਲਾਹੀਆਂ ਨੇ ਰੋਟੀਆਂ,
'ਥਿੰਦ' ਤਾਂ ਕਰਦਾ ਸਲਾਮ, ਇਸ ਪਕਵਾਨ ਨੂੰ ।
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ