ਨਾ ਕਿਸੇ ਨੂੰ ਤੂੰ ਮੰਦਾ ਬੋਲ
ਬੋਲਣਾ ਹੈ ਤਾਂ ਚੰਗਾ ਬੋਲ
ਫੱਟ ਇਹ,ਜਰ ਨਹੀਂ ਹੁੰਦਾ
ਸਮੇਂ ਨਾਲ,ਭਰ ਨਹੀਂ ਹੁੰਦਾ
ਬਣ ਕੇ ਰੱਬ ਦਾ ਬੰਦਾ ਬੋਲ
ਨਾ ਕਿਸੇ ਨੂੰ--------
ਫੁੱਲਾਂ ਵਾਗੂੰ ਮਹਿਕਾਂ ਵੰਡ
ਫਿਰ ਵੇਖ ਜੀਵਨ ਦੇ ਰੰਗ
ਜੀਵਨ ਵਿਚ ਖੁਸ਼ਬੂਆਂ ਭਰ ਕੇ
ਦਰਦ-ਮੰਦਾਂ ਦਾ ਦਰਦੀ ਬਣ ਕੇ
ਹਰੇ- ਹਰੇ ਹਰ ਗੰਗਾ ਬੋਲ
ਨਾ ਕਿਸੇ ਨੂੰ----------
ਦਿਲ 'ਚ ਝਾਤੀ ਪਾ ਪਹਿਲਾਂ
ਆਪਣਾ ਆਪ ਮਿਟਾ ਪਹਿਲਾਂ
ਗਿਣਤੀ ਕਰ ਗੁਨਾਹਾਂ ਦੀ
ਤੇ ਅਣ-ਸੁਣੀਆਂ ਆਹਾਂ ਦੀ
ਐਵੇਂ ਨਾ ਰੰਗ ਬਰੰਗਾ ਬੋਲ
ਨਾ ਕਿਸੇ ਨੂੰ---------
ਅਸਰ ਤਾਂ ਇਕ ਦਿਨ ਹੋਣਾ ਏਂ
ਤੇਰਾ ਬੋਝ ਤੂੰ ਹੀ ਤਾਂ ਢੋਣਾ ਏਂ
ਨਦੀ ਕੰਡੇ ਪਿਆਸਾ ਰਹੇਂਗਾ
ਆਪ ਮੁਹਾਰੇ ਮੂੰਹ ਤੋੰ ਕਹੇਂਗਾ
ਕਿਉਂ ਤੂੰ ਪਾਇਆ ਪੰਗਾ ਬੋਲ
ਨਾ ਕਿਸੇ ਨੂੰ---------
ਦੁਨੀਆਂ ਤੋਂ ਲੈ ਕੀ ਜਾਣਾ ਤੂੰ
ਸਭ ਦੇ ਕੰਮ ਸੀ, ਆਣਾਂ ਤੂੰ
ਮੁੱਹਬਤ ਸੱਚੀ ਕੁਰਬਾਨੀ ਮੰਗੇ
ਕੁਰਬਾਨੀ ਵੀ ਤੋਂ ਲਾਸਾਨੀ ਮੰਗੇ
ਸੜਿਆ ਕਿਉਂ ਥਿੰਦ ਪਤੰਗਾ ਬੋਲ
ਨਾ ਕਿਸੇ ਨੂੰ ਤੂੰ ਮੰਦਾ ਬੋਲ
ਬੋਲਨਾ ਹੈ ਤਾਂ ਚੰਗਾ ਬੋਲ
ਜੋਗਿੰਦਰ ਸਿੰਘ "ਥਿੰਦ"