ਗਜ਼ਲ ---------50
ਮਿਟੀ ਤੇਰੇ ਵਤਨ ਦੀ ਤੈਨੂੰ ਪਈ ਵਾਜਾਂ ਮਾਰਦੀ
ਕਦੋਂ ਆਕੇ ਮੈਨੂੰ ਚੁਮੇਂ ਗਾ ਉਡੀਕਦੀ ਹਾਰ ਗਈ
ਜਿਸ ਗਲੀ ਤੂੰ ਖੇਡਿਆ ਉਹਨੂੰ ਕਦੀ ਯਾਦ ਕਰ
ਮਿਟੀ ਉਸ ਗਲੀ ਦੀ ਉਡਕੇ ਪਿੰਡੋਂ ਬਾਹਰ ਗਈ
ਬੇਰੀਆਂ ਦੇ ਝੁੰਡ ਵੀ ਉਡੀਕਦੇ ਆਖਰ ਸੁਕ ਗਏ
ਵੱਟ ਤੇ ਲੱਗੀ ਢ੍ਰੇਕ ਵੀ ਸੁਕਕੇ ਹੁਣ ਬੇ-ਕਾਰ ਗਈ
ਨਾਂ ਰਹੀਆਂ ਬੈਠਕਾਂ ਨਾ ਦਿਸਦੇ ਤੇਰੇ ਯਾਰ ਬੇਲੀ
ਵੀਰਾ ਨਾਂ ਉਹ ਰੌਣਕਾਂ ਤੇਰੀ ਜੁਦਾਈ ਮਾਰ ਗਈ
ਸਾਰੇ ਪਿੰਡ ਨੂੰ ਸਾਂਭਿਆ ਸੀ ਬੜੀ ਜੁਕਤਾਂ ਨਾਲ ਤੂੰ
ਸੱਭੇ ਯਾਦ ਕਰਦੇ ਤੇ ਕਹਿੰਦੇ ਕਿਥੇ ਬਹਾਰ ਗਈ
ਵਿਹੜੇ 'ਚ ਲੱਗਾ ਅੰਬ ਵੀ ਉਡੀਕਦਾ ਹੀ ਸੁਕਿਆ
ਤੇਰੀ ਜੁਦਾਈ ਵੇਖ ਹੁਣ ਤੱਕ ਕੀ ਕੀ ਉਜਾੜ ਗਈ
ਥੋੜਾ ਜਿਨਾਂ ਵੀ ਤੇਰੇ ਦਿਲ ਵਿਚ ਜੇ ਦਰਦ ਹੈਗਾ
"ਥਿੰਦ"'ਵੇਖੀਂ ਤੇਰੀ ਫੇਰੀ ਕਿਨਾਂ ਕੁਝ ਸਵਾਰ ਗਈ
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )