ਗ਼ਜ਼ਲ 110
ਜਿਸ ਧਰਤੀ ਤੇ ਮੁੜਕਾ ਡੁਲਿਆ,ਉਹ ਚੇਤੇ ਆਉਂਦੀ ਰਹਿੰਦੀ ਏ
ਦਿਲ ਕਰਦਾ ਚੁਮਾਂ ਖਾਬਾਂ ਵਿਚ, ਉਹ ਫੇਰਾ ਪਾਉਂਦੀ ਰਹਿੰਦੀ ਏ
ਜੇਹੜਾ ਅਪਣੀ ਮਾਂ ਨੂੰ ਭੁਲਦਾ,ਉਹਨੂੰ ਕਿਤੇ ਡੋਈ ਨਹੀਂ ਮਿਲਦੀ
ਇਹ ਉਹਦੀ ਮਾੜੀ ਕਿਸਮੱਤ,ਜਿਹਨੂੰ ਮਾਂ ਭਲਾਂਉਦੀ ਰਹਿੰਦੀ ਏ
ਜਿਥੇ ਵਗਿਆ ਖੂਨ ਬਚਪਣ ਦਾ, ਤੇ ਫਿਰ ਜਵਾਨੀ ਮੱਸਤਾਨੀ ਦਾ
ਉਸ ਧਰਤੀ ਦੀ ਛੋਹ ਮੈਨੂੰ ਹੁਣ, ਹਰ ਵੇਲੇ ਸਤਾਉਂਦੀ ਰਹਿੰਦੀ ਏ
ਜਦ ਕਦੀ ਰਾਤ ਉਠਕੇ ਬਹਿੰਦਾ, ਤੜਪ ਤੜਪ ਕੇ ਖਾਬਾਂ ਵਿਚ
ਰੋਮ ਰੋਮ ਵਿਚ ਗਰੁੱਚੀ ਮਿਟੀ, ਆ ਮਹਿਕ ਵਰਾਉਂਦੀ ਰਹਿੰਦੀ ਏ
,ਕਦੋਂ ਮਿਹਰ ਕਰੇਂਗੀ ਮੇਰੇ ਉਤੇ ਕਦੋਂ ਹੋਸੀ ਮਿਠੇ ਦਰਸ਼ਨ ਤੇਰੇ
ਮੈਨੂੰ ਤਾਂ ਤੇਰੀ ਯਾਦ ਧਰਤੀ ਮਾਂ ਆਕੇ ਤੜਪਾਉਦੀ ਰਹਿੰਦੀ ਏ
ਹਰੇ ਭਰੇ ਖੇਤਾਂ ਦੀਆਂ ਵੱਟਾਂ ਤੇ ਜਦੋਂ ਤ੍ਰੇਲ ਤੇ ਖੁਸ਼ ਹੋ ਚਲਦੇ ਸੀ
ਅੱਖਾਂ ਅਗੇ ਆਵੇ ਉਹੀ ਸੂਰਤ ਜੋ ਅਜ ਵੀ ਪ੍ਰਚਾਉਂਦੀ ਰਹਿੰਦੀ ਏ
ਭੁਲਿਆਂ ਭੁਲ ਨਾ ਹੋਵੇ ਰਲੀ ਮਿਟੀ ਸਾਹਾਂ ਵਿਚ ਗਲੀਆਂ ਦੀ
"ਥਿੰਦ"ਓਥੋਂ ਦੀ ਹਵਾ ਆਕੇ ਮੇਰਾ ਦਰ ਖੜਕਾਉਦੀ ਰਹਿੰਦੀ ਏ
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ