'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

26 April 2013

ਬਾਗੀਂ ਬਹਾਰਾਂ

 ( 1)
 ਮਹਿਕੇ ਫੁੱਲ
ਟਹਿਕਦੀਆਂ ਸ਼ਾਖਾਂ
ਬਾਗੀਂ ਬਹਾਰਾਂ ।
   
 (2)
ਖੇਡਣ ਬੱਚੇ
ਰਲ਼ ਚੀਕਣ ਉੱਚੀ
ਮੌਜਾਂ ਮਾਨਣ ।

 (3)
ਖੇੜੇ ਮੂੰਹ 'ਤੇ
ਕੁਖੋਂ ਜਾਏ ਝੂੰਮਣ
ਬੂਟੇ ਆਸਾਂ ਦੇ ।

ਜੋਗਿੰਦਰ ਸਿੰਘ  ਥਿੰਦ
 (ਅੰਮ੍ਰਿਤਸਰ)

23 April 2013

ਧਰਤੀ ਦਿਵਸ 'ਤੇ

 1.
ਧਰਤੀ ਚੁੱਕੇ
ਲੱਖਾਂ ਪਾਪ -ਸਰਾਪ 
ਦਿਨ ਤੇ ਰਾਤ ।

2.
ਸੱਚ ਅਲੋਪ
ਸਾਧ ਕਰੇ ਕਰੋਪ
ਡੇਰੇ ਵਧੇਰੇ। 

3.
ਚੰਦਰ ਮਾਮਾ
ਧਰਤੀ ਲੈ ਆਈਏ
ਸਣੇ ਸਿਤਾਰੇ  ।

4.
ਨਿੱਕੇ ਬੱਚਿਆਂ 
ਇੱਕ-ਇੱਕ ਵੰਡੀਏ
ਸਾਰੇ ਸਿਤਾਰੇ ।

5.
ਵੰਡੇ ਖੁਸ਼ੀਆ
ਸੁਥਰਾ ਹਵਾ-ਪਾਣੀ
ਧਰਤੀ ਰਾਣੀ ।

 ਜੋਗਿੰਦਰ ਸਿੰਘ ਥਿੰਦ 
(ਅੰਮ੍ਰਿਤਸਰ)

22 April 2013

ਪੰਜਾਬ ਦੀਆਂ ਪੁਰਾਤਨ ਖੇਡਾਂ

1.     
ਬਾਂਟੇ ਖੁਤੀਆਂ
ਖੇਡਣ ਸ਼ਰਤਾਂ ਲਾ
ਬਾਂਟੇ ਹਾਰਨ ।

2.
ਪੁੱਗਣ ਤਿੰਨ
ਜੋ ਹਾਰੇ ਉਹ ਛੂਵੇ
ਛੂਹ ਨਾ ਹੋਵੇ ।

3.

ਜੱਟ ਬ੍ਰਾਮਣ
ਖੇਡਣ ਲੱਤ ਚੁੱਕ
ਸੁੱਟਣ ਡੰਡਾ ।

4.
ਅੱਖਾਂ 'ਤੇ ਪੱਟੀ
ਗੇੜੇ ਦੇ ਕੇ ਛੱਡਣ
ਲੱਭਣੇ ਆੜੀ ।


ਜੋਗਿੰਦਰ ਸਿੰਘ 'ਥਿੰਦ'
 (ਅੰਮ੍ਰਿਤਸਰ)

15 April 2013

ਵੈਸਾਖੀ


1.
ਘੁੰਮਣ ਫਲ੍ਹੇ
ਤੱੜ ਤਿੜਕੇ ਨਾੜ
ਲਗਣ ਧੜਾਂ

2.
ਤੰਗਲ਼ੀ ਫੜ
ਕਾਮੇ ਉਡਾਣ ਤੂੜੀ
ਪੈਰੀਂ ਕਣਕ

3.
ਚੱਲੇ ਗੱਭਰੂ
ਵਿਸਾਖੀ ਨੂੰ ਨਾਹੁਣ
ਮੋਢੇ 'ਤੇ ਡਾਂਗਾਂ

ਜੋਗਿੰਦਰ ਸਿੰਘ 'ਥਿੰਦ'
(ਅੰਮ੍ਰਿਤਸਰ)

08 April 2013

ਪਿੰਡ ਦੀ ਸਵੇਰ

     1.
ਉੱਠ ਸਵੇਰੇ
ਤਾਰਿਆਂ ਦੀ ਚੰਗੇਰ
ਚੱਲਣ ਹੱਲ਼

2.
ਟੱਲ- ਟੱਲੀਆਂ
ਸੰਖ,ਕੁੱਕੜ ਬਾਂਗਾਂ
ਗੱਡੇ ਚੀਕਣ

3.
ਪਹੁ ਫੁਟਾਲਾ
ਪੰਛੀ ਛੱਡ ਟਿਕਾਣੇ
ਲੱਭਣ ਦਾਣੇ

4. 
ਭੱਤਾ ਸਿਰ 'ਤੇ
ਸ਼ਾਹ ਵੇਲੇ ਸੁਆਣੀ 
ਮਿਲ਼ੇ ਮਾਹੀ ਨੂੰ

5. 
ਪੰਛੀ ਆਵਣ
ਉੱਡ ਡਾਰਾਂ ਹੀ ਡਾਰਾਂ
ਸ਼ਹਿਰਾਂ ਵਲੋਂ


ਜੋਗਿੰਦਰ ਸਿੰਘ ਥਿੰਦ
( ਅੰਮ੍ਰਿਤਸਰ )


         

07 April 2013

ਲੀਲਾ ਤੇਰੀ

ਉਹ ਕਮਲੀ
ਕਿਸਮਤ ਦੀ ਮਾਰੀ
ਵਾਲ ਜਟਾਵਾਂ
ਮੈਲੇ ਕੱਪੜੇ ਫਾਟੇ
ਸੁੱਧ ਬੁੱਧ ਨਾ
ਫਿਰੇ ਵਿੱਚ ਬਜ਼ਾਰੀਂ
ਦੌੜੇ ਤੇ ਲੇਟੇ
ਕੋਈ ਤਰਸ ਕਰੇ
ਦੇਵੇ ਆ ਰੋਟੀ
ਰੂਹ ਕਲਬੂਤ ਦਾ
ਰਿਸ਼ਤਾ ਲੱਗੇ
ਜਿਓਂ ਅੱਜਲੋਂ ਪੱਕਾ
ਕੀ ਲੀਲਾ ਤੇਰੀ
ਸਿਰ ਫੜਕੇ ਸੋਚਾਂ
ਇਹ ਕਦੀ ਨਾ ਲੋਚਾਂ ।

ਜੋਗਿੰਦਰ ਸਿੰਘ  ਥਿੰਦ
        ( ਅੰਮ੍ਰਿਤਸਰ )

ਬੇਬੇ ਦਾ ਸੰਦੂਕ

 1.
ਕੋਕੀਂ ਜੜਿਆ
ਸੁੱਫੇ ਵਿੱਚ ਸੰਦੂਕ
ਬੇਬੇ ਮਾਲਕ 


2.
ਬੇਬੇ ਦੀ ਸ਼ਾਨ
ਗੁਣਾ ਲੱਧਾ ਸੰਦੂਕ
ਨ੍ਹੇਂਘ 'ਚ ਚਾਬੀ।


ਜੋਗਿੰਦਰ ਸਿੰਘ  ਥਿੰਦ
  ( ਅੰਮ੍ਰਿਤਸਰ )