'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

23 February 2013

ਨਾ ਮੰਦਾ ਬੋਲ


ਨਾ ਕਿਸੇ ਨੂੰ ਤੂੰ ਮੰਦਾ ਬੋਲ
ਬੋਲਣਾ ਹੈ ਤਾਂ ਚੰਗਾ ਬੋਲ
ਫੱਟ ਇਹ,ਜਰ ਨਹੀਂ ਹੁੰਦਾ
ਸਮੇਂ ਨਾਲ,ਭਰ ਨਹੀਂ ਹੁੰਦਾ
ਬਣ ਕੇ ਰੱਬ ਦਾ ਬੰਦਾ ਬੋਲ
      ਨਾ ਕਿਸੇ ਨੂੰ--------
ਫੁੱਲਾਂ ਵਾਗੂੰ ਮਹਿਕਾਂ ਵੰਡ
ਫਿਰ ਵੇਖ ਜੀਵਨ ਦੇ ਰੰਗ
ਜੀਵਨ ਵਿਚ ਖੁਸ਼ਬੂਆਂ ਭਰ ਕੇ
ਦਰਦ-ਮੰਦਾਂ ਦਾ ਦਰਦੀ ਬਣ ਕੇ
ਹਰੇ- ਹਰੇ ਹਰ ਗੰਗਾ ਬੋਲ
      ਨਾ ਕਿਸੇ ਨੂੰ----------
ਦਿਲ 'ਚ ਝਾਤੀ ਪਾ ਪਹਿਲਾਂ
ਆਪਣਾ ਆਪ ਮਿਟਾ ਪਹਿਲਾਂ
ਗਿਣਤੀ ਕਰ ਗੁਨਾਹਾਂ ਦੀ
ਤੇ ਅਣ-ਸੁਣੀਆਂ ਆਹਾਂ ਦੀ
ਐਵੇਂ ਨਾ ਰੰਗ ਬਰੰਗਾ ਬੋਲ
       ਨਾ ਕਿਸੇ ਨੂੰ---------
ਅਸਰ ਤਾਂ ਇਕ ਦਿਨ ਹੋਣਾ ਏਂ
ਤੇਰਾ ਬੋਝ ਤੂੰ ਹੀ ਤਾਂ ਢੋਣਾ ਏਂ
ਨਦੀ ਕੰਡੇ ਪਿਆਸਾ ਰਹੇਂਗਾ
ਆਪ ਮੁਹਾਰੇ ਮੂੰਹ ਤੋੰ ਕਹੇਂਗਾ
ਕਿਉਂ ਤੂੰ ਪਾਇਆ ਪੰਗਾ ਬੋਲ
        ਨਾ ਕਿਸੇ ਨੂੰ---------
ਦੁਨੀਆਂ ਤੋਂ ਲੈ ਕੀ ਜਾਣਾ ਤੂੰ
ਸਭ ਦੇ ਕੰਮ ਸੀ, ਆਣਾਂ ਤੂੰ
ਮੁੱਹਬਤ ਸੱਚੀ ਕੁਰਬਾਨੀ ਮੰਗੇ
ਕੁਰਬਾਨੀ ਵੀ ਤੋਂ ਲਾਸਾਨੀ ਮੰਗੇ
ਸੜਿਆ ਕਿਉਂ ਥਿੰਦ ਪਤੰਗਾ ਬੋਲ
         ਨਾ ਕਿਸੇ ਨੂੰ ਤੂੰ ਮੰਦਾ ਬੋਲ
         ਬੋਲਨਾ ਹੈ ਤਾਂ ਚੰਗਾ ਬੋਲ

ਜੋਗਿੰਦਰ ਸਿੰਘ  "ਥਿੰਦ"


21 February 2013

ਗਜ਼ਲ


ਬਦਲਾ ਏ ਕਿਸ ਤਰਾਂ ਵੇਖ ਨਸੀਬ ਆਪਣਾ
ਕਿ ਕੋਈ ਵੀ ਨਹੀਂ ਏ ਅੱਜ ਕਰੀਬ ਆਪਣਾ
ਏਦਾਂ ਥਿੜਕਿਆ ਏ ਇੱਕ ਮੋੜ ਤੇ ਆ ਕੇ
ਕਿਵੇਂ ਹੋਇਆ ਜੀਵਣ ਬੇ-ਤਰਤੀਬ ਆਪਣਾ
ਇਹ ਕੰਧਾਂ ਬੋਲੀਆਂ ਤੇ ਛੱਤਾਂ ਗੂੰਗੀਆਂ ਨੇ
ਕਿਨੂੰ ਦੱਸੇ-ਸਮਝਾਏ ਹਾਲ ਗਰੀਬ ਆਪਣਾ
ਅੰਗ-ਅੰਗ ਖਿਲਾਰਿਆ ਏ ਵਿੱਚ ਵਿਹੜੇ
ਦਿਲ ਚੜ੍ਹ ਗਿਆ ਏ ਅੱਜ ਸਲੀਬ ਆਪਣਾ
ਸਾਂਭ ਰੱਖ ਪੱਤੇ,ਨਿੱਤ ਨਹੀਂ ਬਹਾਰ ਆਉਣੀ 
ਲਿਖਿਆ ਗਿਆ ਏ ਲੇਖ ਅਜੀਬ ਆਪਣਾ
ਕਿਆਮਤ ਲੱਗਦੀ ਚੀਖ ਚਿਹਾੜ ਸੁਣ ਕੇ
ਖੂਨੀ ਭੇੜੀਏ ਟੱਪ ਆਏ ਦਲੀਜ ਆਪਣਾ
"ਥਿੰਦ"ਸੱਜਦੇ ਕਰਦਾ ਸੀ ਨਿਸ ਦਿਨ ਤੈਨੂੰ
ਉਹੀ ਬਣ ਗਿਆ ਏ ਅੱਜ ਰਕੀਬ ਆਪਣਾ

                                                      ਜੋਗਿੰਦਰ ਸਿੰਘ "ਥਿੰਦ"
                                                     (ਸਿਡਨੀ )
                                                     (M)  0468400585




 

ਗਜ਼ਲ

 

ਅਪਣੇ ਗੁਨਾਹ ਲੁਕਾ ਕੇ ਚੱਲਦੇ ਲੋਕ
ਭਾਰ ਏਨਾਂ ਕਿਸ ਤਰਾਂ ਝੱਲਦੇ ਲੋਕ
ਅਚਨਚੇਤ ਹੜਬੜਾ ਕੇ ਉੱਠ ਬਹਿੰਦੇ
ਫਿਰ ਬਾਰ ਬਾਰ ਨੇ ਹੱਥ ਮਲਦੇ ਲੋਕ
ਪਤਾ ਏ ਕਿ ਡੁੱਬ ਜਾਣਾ ਹੈ ਯਕੀਨੀ
ਤੁਫਾਨਾਂ 'ਚ ਫਿਰ ਕਿਉਂ ਠੱਲਦੇ ਲੋਕ
ਅਪਨੀ ਨੱਦਰ ਵਿਚ ਤੂੰ ਰੱਖ ਮਾਲਕ
ਆਦਤ ਤੋਂ ਮਜਬੂਰ ਹੋਕੇ ਜਲਦੇ ਲੋਕ
ਚਲੇ ਗਏ ਜੋ ਮੁੜ ਕੇ ਨਹੀਂ ਆਉਣਗੇ
ਕੱਲ ਦੇ ਗੁਜ਼ਰੇ ਪਲ ਅਤੇ ਕੱਲ ਦੇ ਲੋਕ
ਨਰਕਾਂ ਤੇ ਸੁਰਗਾਂ ਦੇ ਡਰਾਵੇ ਦੇ ਦੇ ਕੇ
"ਥਿੰਦ" ਕਿਵੇਂ ਕਿਵੇਂ ਪੈ ਨੇ ਛੱਲ੍ਹਦੇ ਲੋਕ

ਜੋਗਿੰਦਰ ਸਿੰਘ  "ਥਿੰਦ"
( ਸਿਡਨੀ )
(M) 0468400585

 

"

20 February 2013

ਯਾਦ

ਇਸ ਯਾਦ ਨੂੰ
ਭੁਲਾਵਾਂ  ਕਿਸ ਤਰਾਂ
ਓਹੀ ਰੌਣਕਾਂ             
ਪਾਵਾਂ ਤਾਂ ਕਿਸ ਤਰਾਂ
ਰਾਹ ਮੁਕਾਈ
ਕਿਉਂ ਕੁਵੇਲੇ ਆ ਕੇ
ਬਾਕੀ ਸੀ ਅਜੇ
ਵਲਵਲੇ ਦਿਲਾਂ 'ਚ
ਨਾ ਜਾਣੇ ਕਿਉਂ
ਕਾਹਦੀ ਕਾਹਲੀ ਸੀ
ਬਹੁਤ ਕੁਝ
ਰਹਿ ਗਿਆ ਕਰਨਾ
ਹੌਕੇ ਹਾਵਿਆਂ
ਦਮ ਅਜੇ ਭਰਨਾ
 ਬਹੁਤ ਹਾਸੇ
ਵੰਡਣੇ ਸੀ ਤੂੰ ਅਜੇ
ਕਈ ਅੱਥਰੂ
ਪੂੰਝਣੇ ਸੀ ਤੂੰ ਅਜੇ
ਜਾਂ ਹੋਰ ਕਿਤੇ
ਵੱਧ ਲੋੜ ਸੀ ਤੇਰੀ 
ਅੱਥਰੂ ਮੁੱਕੇ
ਹੌਕੇ ਬੁੱਲਾਂ ਤੇ ਰੁੱਕੇ
ਫੜ ਕਲੇਜਾ
ਜੱਬਰੀਂ ਨੋਰੇ ਪੀਤੇ
ਅੱਬੜ ਵਾਹੇ
ਉਠ ਬਿੜਕਾਂ ਲੈਂਦੇ
ਬੇਵੱਸ ਹੋ ਕੇ
ਦੱਸੀਏ ਕੀ ਸਹਿੰਦੇ
ਰੱਬਾ ਦੱਸ ਤਾਂ
ਇਹ ਸਜ਼ਾ ਕਾਹਦੀ
ਤੇਰਾ ਸ਼ੁਕਰ
ਹਮੇਸ਼ਾਂ ਅਸਾਂ ਕੀਤਾ
ਹੁਣ ਤਾਂ ਰੱਖੀਂ ਫੀਤਾ*


ਜੋਗਿੰਦਰ ਸਿੰਘ ' ਥਿੰਦ

 ਫੀਤਾ*=ਹਿਸਾਬ -ਕਿਤਾਬ ਕਰਨ ਵਾਲਾ ਟੇਪ (ਫੀਤਾ)

16 February 2013

ਧੀਆਂ

ਪੁਤਰਾਂ ਤੇ ਧੀਆਂ ਵਿਚ ਅੱਜ ਵੀ ਕਈ ਲੋਗ ਵਿਤਕਰਾ ਕਰਦੇ ਹਨ। ਉਹਨਾਂ ਹੀ ਲੋਗਾਂ ਨੂੰ ਸੰਬੋਧਨ ਕਰਕੇ ਇਹ ਗੀਤ ਲਿਖਿਆ ਹੈ ।( ਇਸ ਗੀਤ ਵਿਚ ਦੋ ਨਾਂ "ਅਰਜੋਈ" ਅਤੇ "ਨਜ਼ਮ" ਮੇਰੀਆਂ ਪੋਤਰੀਆਂ ਦੇ ਹਨ )

ਪੁੱਤਰਾਂ ਵਾਂਗ, ਪਾਲ ਇਹਨਾਂ ਨੂੰ
ਜ਼ਿੰਦਗੀ ਵਾਂਗ, ਸੰਭਾਲ ਇਹਨਾ ਨੂੰ 
ਕੁੜੀਆਂ ਘਰ ਦੀ ਲਾਜ ਰਹੀਆਂ ਨੇ.
ਤੇ ਸਦੀਆਂ ਤੋਂ ਮਹਿਤਾਜ ਰਹੀਆਂ ਨੇ
ਵਾਧੂ ਜਾਣ, ਨਾ ਟਾਲ਼ ਇਹਨਾਂ ਨੂੰ ।                    
                 ਪੁੱਤਰਾਂ ਵਾਂਗ------                                                             ਇਹ ਨਜ਼ਮਾਂ* ਤੇ ਅਰਜ਼ੋਈਆਂ* ਬਣ ਕੇ
ਸਾਡੀਆਂ ਇਹ ਦਿਲਜ਼ੋਈਆਂ ਬਣ ਕੇ
ਏਧਰ ਓਧਰ ਇਹ ਸੁੱਖਾਂ ਮੰਗਣ
ਕਿਸੇ ਘਰ, ਕਦੀ ਨਾ ਭੁੱਖਾਂ ਮੰਗਣ
ਸਮਝੋ ਕਿਉਂ ਜੰਜਾਲ ਇਹਨਾਂ ਨੂੰ ।
                  ਪੁੱਤਰਾਂ ਵਾਂਗ---------
ਜੁਲਮਾਂ ਨੂੰ ਮੁਢ ਤੋਂ ਝੱਲ ਰਹੀਆਂ ਨੇ
ਵਾਧੂ ਬਣ ਇਹ,ਪੱਲ ਰਹੀਆਂ ਨੇ ।
ਸਦੀਆਂ ਤੋਂ ਇਹ ਦੱਬ ਰਹੀਆਂ ਨੇ
ਕੋਈ ਮਸੀਹਾ, ਲੱਭ ਰਹੀਆਂ ਨੇ ।
ਬਣ ਮਸੀਹਾ  ਉਠਾਲ ਇਹਨਾਂ ਨੂੰ
                 ਪੁੱਤਰਾਂ ਵਾਂਗ---------
ਹੁਣ ਨਾਲ ਸਤਾਰਿਆਂ ਗੱਲਾਂ ਹੋਈਆਂ
ਰਹਿਣ ਨਾਂ ਪਿਛੇ ਨਜ਼ਮਾਂ* ਤੇ ਅਰਜ਼ੋਈਆਂ*
ਜੇ ਹੰਬਲਾ ਮਾਰਨ ਤਾਂ ਦਿਓ ਦਿਲਾਸਾ
ਕਦੀ ਨਫਰਤ ਦਾ ਨਾ ਲਗੇ ਚਮਾਸਾ ।
"ਥਿੰਦ"  ਉੁਭਾਰੋ ਗੀਤਾਂ ਨਾਲ ਇਹਨਾਂ ਨੂੰ
ਪੁਤਰਾਂ ਵਾਂਗ ,ਪਾਲ ਇਹਨਾਂ ਨੂੰ ।
ਜਿੰਦਗੀ ਵਾਂਗ, ਸੰਭਾਲ ਇਹਨਾਂ ਨੂੰ ।


ਜੋਗਿੰਦਰ ਸਿੰਘ 'ਥਿੰਦ'
    (ਅਮ੍ਰਿਤਸਰ ਹਾਲ--ਸਿਡਨੀ)
 

ਯਾਤਰਾ

ਉੱਡਿਆ ਪੰਛੀ
ਬਾਰਾਂ ਹਜ਼ਾਰ ਗਜ਼
ਭੂਮੀ ਤੋਂ ਉੱਚਾ
ਜਾ ਪੁੱਜਾ ਸਿੰਗਾਪੁਰ
ਖੰਭ ਖਿਲਾਰੀ
ਬਹੁਤ ਸਮੁੰਦਰ
ਧਰਤੀ ਘੱਟ
ਸ਼ਹਿਰ ਹੈ ਸੁੰਦਰ
ਲੋਕੀਂ ਪੁੱਜਣ
ਅੱਸ਼ -ਅੱਸ਼ ਕਰਦੇ
ਕਰ ਵਪਾਰ
ਝੋਲੀਆਂ ਨੇ ਭਰਦੇ
ਦੁਨੀਆਂ ਵਿੱਚ
ਕਿਸਮਤ ਦੀ ਮਣੀ
ਵਪਾਰੀ ਧਨੀ 
ਏਥੇ-ਓਥੇ ਤੱਕਦੇ
ਇਸ ਪੰਛੀ ਨੋ
ਮਾਰੀ ਫਿਰ ਉੱਡਾਰੀ
ਰਾਤ ਹਨ੍ਹੇਰੀ
ਟਿਮਕਦੇ ਨੇ ਤਾਰੇ
ਅੱਧ 'ਸਮਾਨੀ
ਅਗਲੀ ਪੈੜਾਂ ਵਾਚੇ
ਜਾਗੇ ਮੈਂ ਜਿਹਾ
ਕਈ ਸੁੱਤੇ ਨਾ ਜਾਗੇ
ਰਾਜਧਾਨੀ ਜਾ
ਸੋਨ-ਕਿਰਨਾਂ ਉੱਗ
ਚੜ੍ਹਿਆ ਦਿਨ 
ਜਨਮ ਭੂਮੀ ਚੁੰਮ
ਪਿਆ ਦਮ 'ਚ ਦਮ 

ਜੋਗਿੰਦਰ ਸਿੰਘ ' ਥਿੰਦ '

04 February 2013

ਗਜ਼ਲ (ਉਰਦੂ)

ਅਬ ਤੋ ਹਮ ਉਨ ਕੀ ਨਜ਼ਰ ਸੇ ਉਤਰ ਗਏ ਹੈਂ ।
ਅਪਣੇ ਤੋ ਸਬ ਹਰਬੇ ਅਬ ਬੇ- ਅਸਰ ਗਏ ਹੈਂ ।
ਮੁਲਾਕਾਤੇਂ ਅਬ ਏਕ ਰਸਮ ਸੀ ਰਹਿ ਗਈ ਹੈ ।
ਦਮ- ਖਮ ਤੋ ਨਿਕਲ ਪਹਿਲੀ ਨਜ਼ਰ ਗਏ ਹੈਂ ।
ਕੋਈ ਤੋ ਨਹੀਂ ਹਮਾਰਾ ਇਸ ਉਜੜੇ ਸ਼ਹਿਰ ਮੇਂ ।
ਬਹੁਤ ਦਮ ਭਰਤੇ ਥੇ ਜੋ ਵੋਹ ਕਿਧਰ ਗਏ ਹੈਂ ।
ਸਬ ਲੁਟ ਚੁਕਾ ਅਬ ਤੋ ਵੀਰਾਂ ਸਾ ਗੁਲਸ਼ਨ ਹੈ ।
ਬਾਦੇ ਸੱਬਾ ਚਲ ਉਧਰ ਤਿਨਕੇ ਜਿਧਰ ਗਏ ਹੈਂ।
ਤੁਝੇ ਹੈ ਹੁਸਨੇ ਤਕੱਬਰ ਮੁਝੇ ਤੋ ਹੈ ਇਸ਼ਕੇ ਵਫਾ।
ਚਰਚੇ ਤੋ ਹੂਏ ਹੈਂ ਬਰਾਬਰ ਹਮ ਜਿਧਰ ਗਏ ਹੈ।
ਤੇਰਾ ਹਮ ਪਰ ਹੱਕ ਤੋ ਰਹੇਗਾ ਵਾਜਬ, ਲੇਕਨ।
ਹਮ ਭੀ ਜਿਧਰ ਗਏ ਹੈਂ ਬਾ ਖਬਰ ਗਏ ਹੈਂ ।
ਹਮ ਤੋ ਹਮਾਂ ਤਨ ਗੋਸ਼ ਥੇ, ਲੇਕਨ " ਥਿੰਦ "।
ਵਹੀ ਦਾਸਤਾਂ ਸੁਨਾਤੇ -ਸੁਨਾਤੇ ਬਿਫਰ ਗਏ ਹੈਂ।


ਜੋਗਿੰਦਰ ਸਿੰਘ  " ਥਿੰਦ "

03 February 2013

ਤੇਰੇ ਬਗੈਰ


ਮੇਰੀ ਆਪ ਬੀਤੀ ਗੱਲ ਹੈ। ਇਕ ਦਿਨ ਧਰਮ-ਪਤਨੀ ਜੀ ਰੁੱਸ ਗਈ। ਉਸ ਨੂੰ ਮਨਾਉਣ ਲਈ ਜਦੋਂ ਸਾਰੇ ਟਸ਼ਨ ਕਿਸੇ ਕੰਮ ਨਾ ਆਏ ਤਾਂ ਇਹ ਗੀਤ ਲਿਖਣਾ ਪਿਆ ।

ਮੈਂ ਤਾਂ ਇੱਕ ਬਟਾ ਚਾਰ, ਤੇਰੇ ਬਗੈਰ ।
ਮੈਨੂੰ ਖਾਣ ਪਵੈ ਗੁਲਜ਼ਾਰ,ਤੇਰੇ ਬਗੈਰ ।

ਝੂਠੇ ਹਾਸੇ ਮੂੰਹ 'ਤੇ ਵੇਖੋ, ਲੱਖ ਲਿਆਂਦੇ ।
ਮੈਨੂੰ ਜੀਵਨ ਦਿਸੇ ਬੇਕਾਰ ਤੇਰੇ ਬਗੈਰ ।

ਰਿਸ-ਰਿਸ ਮਸਾਂ ਸਾਨੂੰ ਸ਼ਾਮਾਂ ਆਈਆਂ।
ਮੈਨੂੰ ਰਾਤਾਂ ਬਣਨ ਪਹਾੜ,ਤੇਰੇ ਬਗੈਰ ।

ਗੈਰਾਂ ਤੁਹਮੱਤ ਲਾਕੇ, ਫਰਜ਼ ਨਿਭਾਇਆ
ਮੇਰਾ ਕੌਣ ਕਰੇ ਇਤਬਾਰ, ਤੇਰੇ ਬਗੈਰ ।

ਲੋਕਾਂ ਭਾਣੇ ਮੈਨੂੰ ਕੋਈ , ਛਾਇਆ* ਹੋਈ ।
ਇੱਕ ਸੌ ਤਿੰਨ ਚੜ੍ਹੇ ਬੁਖਾਰ, ਤੇਰੇ ਬਗੈਰ ।

 ਅਸੀਂ ਤਾਂ ਨਾਢੂ ਖਾਂ ਅਖਵਾਉਂਦੇ ਫਿਰਦੇ ।
ਮੈਨੂੰ ਰਾਈ ਵੀ ਦਿਸੇ ਪਹਾੜ,ਤੇਰੇ ਬਗੈਰ ।

ਅਪਣਾ ਹੁੰਦਾ ਤਾਂ ਫਿਰ ਏਦਾਂ ਕੌਣ ਕਰੇਂਦਾ ।
ਥਿੰਦ,ਵਿਕਿਆ ਸਰੇ ਬਜ਼ਾਰ, ਤੇਰੇ ਬਗੈਰ । .



ਜੋਗਿੰਦਰ ਸਿੰਘ ਥਿੰਦ

ਛਾਇਆ= ਭੂਤ ਪਰੇਤ